ਪਟਿਆਲਾ: 26 ਜੁਲਾਈ, 2014

ਮ. ਮ. ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਟ੍ਰੈਫ਼ਿਕ ਐਜੂਕੇਸ਼ਨ ਸੈਲ, ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਟ੍ਰੈਫਿਕ ਐਜੂਕੇਸ਼ਨ ਸੈਲ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚੇ ਇਸ ਵਿਸ਼ੇ ਦੇ ਮਾਹਿਰ ਵਕਤਾ, ਹੈਡ ਕੰਸਟੇਬਲ ਸ. ਗੁਰਜਾਪ ਸਿੰਘ ਨੇ ਐਨ.ਐਸ.ਐਸ. ਵਲੰਟੀਅਰਾਂ ਅਤੇ ਅਧਿਆਪਕਾਂ ਨੂੰ ਮਲਟੀਮੀਡੀਆ ਰਾਹੀਂ ਟ੍ਰੈਫ਼ਿਕ ਨਿਯਮਾਂ ਸਬੰਧੀ ਬਹੁਤ ਹੀ ਦਿਲਚਸਪ ਢੰਗ ਨਾਲ ਜਾਣਕਾਰੀ ਮੁਹੱਈਆ ਕਰਵਾਈ। ਮੁੱਖ ਵਕਤਾ ਨੇ ਕਿਹਾ ਕਿ ਹੈਲਮੈਟ ਪਾਉਣਾ, ਸੇਫ਼ਟੀ ਬੈਲਟ ਲਾਉਣਾ, ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨਾ, ਰਾਤ ਦੇ ਸਮੇਂ ਸ਼ਹਿਰ ਦੇ ਅੰਦਰ ਗੱਡੀਆਂ ਲੋਅ ਬੀਮ ਲਾਈਟਾਂ ਤੇ ਚਲਾਉਣਾ, ਮਾਨਵ ਰਹਿਤ ਫਾਟਕਾਂ ਨੂੰ ਪਾਰ ਕਰਦੇ ਸਮੇਂ ਸਾਵਧਾਨੀ ਵਰਤਣੀ ਅਤੇ ਬੰਦ ਫ਼ਾਟਕ ਤੇ ਖੱਬੇ ਪਾਸੇ ਖੜ੍ਹਨਾ ਆਦਿ ਸਾਵਧਾਨੀਆਂ ਨੂੰ ਅਪਣਾ ਕੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਹਰ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਮਨੁੱਖੀ ਜੀਵਨ ਅਨਮੋਲ ਹੈ। ਅਸੀਂ ਟ੍ਰੈਫ਼ਿਕ ਨਿਯਮਾਂ ਦੀ ਉਲੰੰਘਣਾ ਕਰਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਾਂ ਅਤੇ ਆਪਣੀ ਤੇ ਦੂਜਿਆਂ ਦੀ ਕੀਮਤੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਾਂ। ਉਨ੍ਹਾਂ ਵਿਦਿਆਥੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਨਿਯਮਾਂ ਸਬੰਧੀ ਵਧ ਤੋਂ ਵਧ ਜਾਣਕਾਰੀ ਹਾਸਲ ਕਰਕੇ ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਸਬੰਧੀ ਚੇਤੰਨ ਕਰਨ ਤਾਂ ਜੁ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਪਟਿਆਲਾ ਟ੍ਰੈਫ਼ਿਕ ਪੁਲਿਸ ਦੇ ਇੰਸਪੈਕਟਰ ਸ. ਹਰਦੀਪ ਸਿੰਘ ਬਡੂੰਗਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਵਾਤਾਵਰਨ ਬਚਾਉਣਾ, ਨਸ਼ਿਆਂ ਦੇ ਕੋਹੜ ਤੋਂ ਪੰਜਾਬ ਨੂੰ ਮੁਕਤ ਕਰਨਾ ਅਤੇ ਸੜਕ ਹਾਦਸਿਆਂ ਵਿਚ ਹੁੰਦੇ ਜਾਨੀ-ਮਾਲੀ ਨੁਕਸਾਨ ਤੋਂ ਦੇਸ਼ ਵਾਸੀਆਂ ਨੂੰ ਬਚਾਉਣਾ ਸਾਡੇ ਸਾਹਮਣੇ ਤਿੰਨ ਮੁੱਖ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ 17 ਤੋਂ 45 ਸਾਲ ਦੇ ਆਯੂ ਗੁੱਟ ਦੇ ਵਿਅਕਤੀ ਹੀ ਜ਼ਿਆਦਾਤਰ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਇਹ ਹੀ ਉਮਰ ਜਿੰyਦਗੀ ਦਾ ਬਿਹਤਰੀਨ ਸਮਾਂ ਹੁੰਦੀ ਹੈ ਜਦੋਂ ਇਨਸਾਨ ਆਪਣੇ ਲਈ ਅਤੇ ਦੂਜਿਆਂ ਲਈ ਕੁਝ ਕਰ ਸਕਣ ਦੇ ਸਮਰੱਥ ਹੁੰਦਾ ਹੈ। ਅਜਿਹੇ ਸਮੇਂ ਹਾਦਸਿਆਂ ਵਿਚ ਅਣਿਆਈ ਮੌਤ ਨਾਲ ਵਿਅਕਤੀ ਦਾ ਆਪਣਾ, ਉਸ ਦੇ ਪਰਿਵਾਰ ਦਾ ਅਤੇ ਸਮਾਜ ਦਾ ਬਹੁਤ ਨੁਕਸਾਨ ਹੁੰਦਾ ਹੈ। ਸ੍ਰੀ ਬਡੂੰਗਰ ਨੇ ਵਿਦਿਆਰਥੀਆਂ ਤੋਂ ਪ੍ਰਣ ਲਿਆ ਕਿ ਉਹ ਜੀਵਨ ਵਿੱਚ ਟ੍ਰੈਫ਼ਿਕ ਨਿਯਮਾਂ ਦਾ ਪੂਰੀ ਪ੍ਰਤੀਬੱਧਤਾ ਨਾਲ ਪਾਲਣ ਕਰਨਗੇ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਵਿਦਵਾਨ ਵਕਤਾ ਨੇ ਤਸੱਲੀਬਖ਼ਸ਼ ਜਵਾਬ ਦਿੱਤੇ। ਇਸ ਸੈਮੀਨਾਰ ਵਿੱਚ ਕਾਲਜ ਰਜਿਸਟਰਾਰ ਡਾ. ਹਰਚਰਨ ਸਿੰਘ, ਪ੍ਰੋ. ਗਣੇਸ਼ ਸੇਠੀ, ਮਿਸ ਪ੍ਰਿਤਪਾਲ ਕੌਰ, ਮਿਸ ਸੁਨੀਤਾ ਰਾਣੀ, ਮਿਸ ਹਨੀ ਵਧਾਵਨ, ਮਿਸ ਮਿਲਨਪ੍ਰੀਤ ਕੌਰ ਅਤੇ ਰਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਦਾ ਕਾਰਜ ਪ੍ਰੋਗਰਾਮ ਅਫ਼ਸਰ ਪ੍ਰੋ. ਹਰਮੋਹਨ ਸ਼ਰਮਾ ਨੇ ਬਾਖੂਬੀ ਨਿਭਾਇਆ। ਡਾ. ਰਾਜੀਵ ਸ਼ਰਮਾ, ਪ੍ਰੋਗਰਾਮ ਅਫ਼ਸਰ ਨੇ ਧੰਨਵਾਦ ਦੇ ਸ਼ਬਦ ਕਹੇ।

ਡਾ. ਖੁਵਿੰਦਰ ਕੁਮਾਰ
ਪ੍ਰਿੰਸੀਪਲ